ਕੈਨੇਡਾ ਦੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ (IRCC) ਨੇ ਇੱਕ ਨਵੀਂ ਆਰਜ਼ੀ ਨੀਤੀ ਲਾਗੂ ਕੀਤੀ ਹੈ, ਜੋ ਯੋਗ ਵਰਕ ਪਰਮਿਟ ਧਾਰਕਾਂ ਨੂੰ ਬਿਨਾਂ ਵੱਖਰੇ ਸਟੱਡੀ ਪਰਮਿਟ ਦੇ ਛੋਟੀ ਮਿਆਦ ਦੀ ਪੜ੍ਹਾਈ ਕਰਨ ਦੀ ਖੁੱਲ੍ਹ ਦਿੰਦੀ ਹੈ। ਇਹ ਨੀਤੀ 5 ਅਗਸਤ 2026 ਨੂੰ ਸਾਈਨ ਹੋਈ ਸੀ ਅਤੇ 4 ਸਤੰਬਰ 2026 ਤੋਂ ਲਾਗੂ ਹੋ ਗਈ ਹੈ, ਜੋ 31 ਦਸੰਬਰ 2027 ਤੱਕ ਜਾਰੀ ਰਹੇਗੀ — ਹਾਲਾਂਕਿ ਸਰਕਾਰ ਇਸਨੂੰ ਬਿਨਾਂ ਪਹਿਲਾਂ ਸੂਚਨਾ ਦਿੱਤੇ ਕਿਸੇ ਵੀ ਸਮੇਂ ਵਾਪਸ ਵੀ ਲੈ ਸਕਦੀ ਹੈ।

ਕੀ ਬਦਲਿਆ ਹੈ
ਪਹਿਲਾਂ ਦੇ ਨਿਯਮਾਂ ਮੁਤਾਬਕ, ਕੋਈ ਵਿਦੇਸ਼ੀ ਵਰਕਰ ਬਿਨਾਂ ਸਟੱਡੀ ਪਰਮਿਟ ਦੇ ਸਿਰਫ਼ ਉਦੋਂ ਹੀ 6 ਮਹੀਨੇ ਜਾਂ ਘੱਟ ਸਮੇਂ ਦਾ ਕੋਰਸ ਕਰ ਸਕਦਾ ਸੀ, ਜੇ ਉਹ ਕੋਰਸ ਕੈਨੇਡਾ ਵਿੱਚ ਦਾਖਲ ਹੋਣ ਵੇਲੇ ਮਿਲੇ ਅਸਲੀ ਠਹਿਰਨ ਦੇ ਸਮੇਂ ਦੇ ਅੰਦਰ ਹੀ ਖ਼ਤਮ ਹੁੰਦਾ। ਨਵੀਂ ਨੀਤੀ ਇਸ ਸ਼ਰਤ ਨੂੰ ਹਟਾ ਦਿੰਦੀ ਹੈ — ਹੁਣ ਜਿਨ੍ਹਾਂ ਕੋਲ ਵਰਕ ਪਰਮਿਟ ਦੀ ਐਕਸਟੈਂਸ਼ਨ ਵੀ ਹੈ, ਉਹ ਵੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
ਯੋਗਤਾ ਦੀਆਂ ਸ਼ਰਤਾਂ
- ਵਿਅਕਤੀ ਕੋਲ ਵੈਧ ਕੈਨੇਡੀਅਨ ਵਰਕ ਪਰਮਿਟ ਹੋਣਾ ਜ਼ਰੂਰੀ ਹੈ।
- ਕੋਰਸ ਜਾਂ ਪ੍ਰੋਗਰਾਮ 6 ਮਹੀਨੇ ਜਾਂ ਘੱਟ ਸਮੇਂ ਦਾ ਹੋਣਾ ਚਾਹੀਦਾ ਹੈ।
- ਪੜ੍ਹਾਈ ਕਰਨ ਦੀ ਇਜਾਜ਼ਤ ਓਦੋਂ ਖ਼ਤਮ ਹੋ ਜਾਂਦੀ ਹੈ ਜਦੋਂ ਵਰਕ ਪਰਮਿਟ ਦੀ ਮਿਆਦ ਖ਼ਤਮ ਹੋ ਜਾਵੇ ਜਾਂ ਇਹ ਨੀਤੀ ਖ਼ਤਮ ਹੋ ਜਾਵੇ — ਜੋ ਵੀ ਪਹਿਲਾਂ ਹੋਵੇ।
- ਕਿਊਬੈਕ ਵਿੱਚ ਕੰਮ ਕਰ ਰਹੇ ਵਰਕ ਪਰਮਿਟ ਧਾਰਕ ਵੀ ਇਸ ਨੀਤੀ ਅਧੀਨ ਯੋਗ ਹਨ।
- ਪੂਰੇ ਸਮੇਂ (full-time) ਦੀ ਪੜ੍ਹਾਈ ਲਈ ਅਜੇ ਵੀ ਵੱਖਰਾ ਸਟੱਡੀ ਪਰਮਿਟ ਲੋੜੀਂਦਾ ਹੈ।
IRCC ਦੀ ਸੂਚਨਾ
IRCC ਯੋਗ ਵਰਕ ਪਰਮਿਟ ਧਾਰਕਾਂ ਨੂੰ ਈਮੇਲ ਰਾਹੀਂ ਇਸ ਬਦਲਾਅ ਬਾਰੇ ਸੂਚਿਤ ਕਰ ਰਿਹਾ ਹੈ। ਜੇਕਰ ਕੋਈ ਵਿਅਕਤੀ ਇਹ ਈਮੇਲ ਪ੍ਰਾਪਤ ਕਰਦਾ ਹੈ, ਤਾਂ ਉਸਨੂੰ ਕਿਸੇ ਵੀ ਕੋਰਸ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਸ਼ਰਤਾਂ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ ਹਨ। ਜਿਨ੍ਹਾਂ ਨੂੰ ਸੂਚਨਾ ਨਹੀਂ ਮਿਲੀ, ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ IRCC ਵੱਲੋਂ ਹੋਰ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰਨ।
ਪਿਛਲੀ ਨੀਤੀ ਨਾਲ ਫ਼ਰਕ
ਇਹ ਨਵੀਂ ਨੀਤੀ 2023 ਦੀ ਪੁਰਾਣੀ ਨੀਤੀ ਨਾਲੋਂ ਵੱਖਰੀ ਹੈ, ਜੋ 27 ਜੂਨ 2026 ਨੂੰ ਖ਼ਤਮ ਹੋ ਗਈ ਸੀ। ਪੁਰਾਣੀ ਨੀਤੀ ਲੰਬੇ ਪ੍ਰੋਗਰਾਮਾਂ ਦੀ ਵੀ ਇਜਾਜ਼ਤ ਦਿੰਦੀ ਸੀ, ਪਰ ਸਿਰਫ਼ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਵਰਕ ਪਰਮਿਟ ਅਰਜ਼ੀ 7 ਜੂਨ 2023 ਤੱਕ ਮਿਲ ਚੁੱਕੀ ਸੀ। ਨਵੀਂ ਨੀਤੀ ਇਸ ਸ਼ਰਤ ਨੂੰ ਹਟਾ ਦਿੰਦੀ ਹੈ, ਪਰ ਬਦਲੇ ਵਿੱਚ ਪੜ੍ਹਾਈ ਦੀ ਮਿਆਦ ਨੂੰ 6 ਮਹੀਨੇ ਤੱਕ ਸੀਮਿਤ ਕਰ ਦਿੰਦੀ ਹੈ।
ਇਸ ਨੀਤੀ ਦਾ ਮਕਸਦ
ਕੈਨੇਡਾ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮੰਤਰੀ, ਲੀਨਾ ਮੈਟਲੇਜ ਦਿਆਬ ਨੇ ਦੱਸਿਆ ਕਿ ਇਹ ਨੀਤੀ ਪਹਿਲਾਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਆਪਣੀ ਸਕਿੱਲ ਨੂੰ ਵਧਾਉਣ, ਨਵੀਆਂ ਯੋਗਤਾਵਾਂ ਹਾਸਲ ਕਰਨ, ਜਾਂ ਵੱਧ ਸਕਿੱਲ ਵਾਲੀਆਂ ਨੌਕਰੀਆਂ ਵੱਲ ਵਧਣ ਵਿੱਚ ਮਦਦ ਕਰੇਗੀ।
ਧਿਆਨ ਰੱਖਣ ਵਾਲੀਆਂ ਗੱਲਾਂ
ਇਮੀਗ੍ਰੇਸ਼ਨ ਮਾਹਿਰ ਸਲਾਹ ਦਿੰਦੇ ਹਨ ਕਿ ਵਰਕਰਾਂ ਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਇਸ ਦੇ ਆਪਣੇ ਸਟੇਟਸ ਅਤੇ ਭਵਿੱਖ ਦੀ ਪੱਕੀ ਰਿਹਾਇਸ਼ (permanent residence) ਦੀਆਂ ਯੋਜਨਾਵਾਂ ‘ਤੇ ਅਸਰ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ, ਭਾਵੇਂ ਵਿਅਕਤੀ “maintained status” ਵਿੱਚ ਹੋਵੇ, ਇਹ ਪੜ੍ਹਾਈ ਦੀ ਇਜਾਜ਼ਤ ਆਪਣੇ ਆਪ ਅੱਗੇ ਨਹੀਂ ਵਧਦੀ।
