ਫਰਾਂਸ ‘ਚ ਭਿਆਨਕ ਗਰਮੀ ਦਾ ਕਹਿਰ, ਕਈ ਲੋਕਾਂ ਦੀ ਮੌਤ
ਫਰਾਂਸ: ਫਰਾਂਸ ਸਮੇਤ ਪੱਛਮੀ ਯੂਰਪ ਇਸ ਸਮੇਂ ਭਿਆਨਕ ਹੀਟਵੇਵ (ਗਰਮੀ ਦੀ ਲਹਿਰ) ਦੀ ਚਪੇਟ ਵਿੱਚ ਹੈ। ਕਈ ਇਲਾਕਿਆਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਰਿਕਾਰਡ ਤੋੜ ਗਰਮੀ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਅਤੇ ਸਰਕਾਰ ਨੇ ਕਈ ਥਾਵਾਂ ‘ਤੇ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਹਨ।
ਫਰਾਂਸ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਭਿਆਨਕ ਗਰਮੀ ਤੋਂ ਰਾਹਤ ਲੈਣ ਲਈ ਕਈ ਲੋਕ ਦਰਿਆਵਾਂ ਅਤੇ ਝੀਲਾਂ ਵਿੱਚ ਨਹਾਉਣ ਗਏ, ਪਰ ਇਸ ਦੌਰਾਨ 40 ਲੋਕਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਇਸ ਤੋਂ ਇਲਾਵਾ, ਗਰਮੀ ਕਾਰਨ ਇੱਕ ਕਾਰ ਵਿੱਚ ਫਸੇ ਦੋ ਛੋਟੇ ਬੱਚਿਆਂ ਦੀ ਵੀ ਮੌਤ ਹੋ ਗਈ। ਇਸ ਘਟਨਾ ਨੇ ਲੋਕਾਂ ਨੂੰ ਗਰਮੀ ਦੌਰਾਨ ਸਾਵਧਾਨ ਰਹਿਣ ਦੀ ਲੋੜ ਬਾਰੇ ਚੇਤਾਇਆ ਹੈ।
ਹਾਲਾਤਾਂ ਨੂੰ ਦੇਖਦੇ ਹੋਏ ਫਰਾਂਸੀਸੀ ਸਰਕਾਰ ਨੇ ਕਈ ਖੇਤਰਾਂ ਵਿੱਚ ਰੈੱਡ ਹੀਟ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਦਾ ਖ਼ਾਸ ਧਿਆਨ ਰੱਖਣ।
ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ (Climate Change) ਕਾਰਨ ਯੂਰਪ ਵਿੱਚ ਹਰ ਸਾਲ ਹੀਟਵੇਵ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਲਈ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਗਰਮੀ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।







